Wednesday 21 January 2015

ਬੇਲਨ ਕਿਊਂ ਹਥਿਆਰ ਬਨਾ?

ਆਓ ਇਸ ਨੂੰ ਇੱਕ ਚੰਗੇ ਸਿਹਤਮੰਦ ਸਮਾਜ ਦੀ ਸਿਰਜਨਾ ਲਈ ਵਰਤੀਏ  
ਲੁਧਿਆਣਾ: ਹਿੰਦੀ ਵਿੱਚ ਬੇਲਨ ਅਤੇ ਪੰਜਾਬੀ ਵਿੱਚ ਵੇਲਣਾ-ਇਹ ਕੋਈ ਹਥਿਆਰ ਨਹੀਂ ਹੁੰਦਾ। ਇਹ ਭਾਰਤੀ ਰਸੋਈ ਵਿੱਚ ਵਰਤਿਆ ਜਾਣ ਵਾਲਾ ਇੱਕ ਅਜਿਹਾ ਉਪਯੋਗੀ ਸੰਦ ਹੈ ਜਿਹੜਾ ਸਾਨੂੰ ਊਰਜਾ ਦੇਣ ਵਾਲੀ, ਜ਼ਿੰਦਗੀ ਦੇਣ ਵਾਲੀ ਰੋਟੀ ਨੂੰ ਬਹੁਤ ਹੀ ਖੂਬਸੂਰਤ ਆਕਾਰ ਦੇ ਕੇ ਖਾਣਯੋਗ ਬਣਾਉਂਦਾ ਹੈ। ਜਿਸ ਤਰਾਂ ਵੇਲਣੇ ਬਿਨਾ ਜਾਂ ਬੇਲਨ ਬਿਨਾ ਰੋਟੀ ਦਾ ਆਕਾਰ ਅਤੇ ਉਸਦਾ ਸੁਆਦ ਵਿਗੜ ਜਾਂਦਾ ਹੈ ਉੱਸੇ ਤਰ੍ਹਾਂ ਜਦੋਂ ਪਤੀ ਦੇਵ ਦੇ ਰੰਗ ਢੰਗ ਵਿਗੜਦੇ ਹਨ ਤਾਂ ਗੁੱਸੇ ਵਿੱਚ ਆਈ ਪਤਨੀ ਆਪਣੇ ਆਪਣੇ ਪਤੀ ਪ੍ਰਮੇਸ਼ਵਰ ਵੱਲ ਵੀ ਵੇਲਣਾ ਉਲਾਰ ਲੈਂਦੀ ਹੈ ਅਤੇ ਪਤੀ ਦੇਵ ਦੇ ਰੰਗਾਂ ਵਿੱਚ ਆਇਆ ਵਿਗੜ ਝੱਟ ਪੱਟ ਦਰੁਸਤ ਹੋ ਜਾਂਦਾ ਹੈ। ਸ਼ਾਇਦ ਇਸ ਪਿਆਰ ਭਰੇ ਗੁੱਸੇ ਕਾਰਣ ਹੀ ਬੇਲਨ ਜਾਂ ਵੇਲਣਾ ਇਕ ਹਥਿਆਰ ਦੇ ਪ੍ਰਤੀਕ ਵੱਜੋਂ ਉਭਰ ਕੇ ਸਾਹਮਣੇ ਆਇਆ। 
ਹੁਣ ਜਦੋਂ ਕੀ ਨਸ਼ਿਆਂ ਦੀ ਭਰਮਾਰ ਨੇ ਪੂਰੇ ਸਮਾਜ ਦੇ ਰੰਗਾਂ ਨੂੰ ਉੜਾ ਕੇ ਖਤਰਨਾਕ ਹਾਲਤ ਵਿੱਚ  ਹੈ ਉਦੋਂ ਇਸ ਵਿਗੜ ਦਾ ਸਭ ਤੋਂ ਵੱਡਾ ਅਸਰ ਘਰ ਦੀ ਰਸੋਈ ਤੇ ਪਿਆ। ਰਸੋਈ ਵਿੱਚ ਆਟਾ, ਦਾਲ ਅਤੇ ਹੋਰ ਸਾਮਾਨ ਮੁੱਕਣ ਲੱਗ ਪਿਆ। ਘਰ ਦੀ ਰਸੋਈ ਦੇ  ਬਰਤਨ ਖਾਲੀ ਹੋਏ ਤਾਂ ਪਰਿਵਾਰ ਭੁੱਖੇ ਮਰਨ ਦੀ ਨੌਬਤ ਤੱਕ ਪੁੱਜ ਗਏ। ਇੱਕ ਜਾਂ ਦੋ ਪਰਿਵਾਰ ਨਹੀਂ ਬਹੁਤ ਹੀ ਵੱਡੀ ਗਿਣਤੀ ਵਿੱਚ ਰਸੋਈਆਂ ਖਾਲੀ ਹੋ ਗਈਆਂ।  ਸ਼ਰਾਬਾਂ ਵੇਚਣ ਵਾਲੇ ਲੋਕਾਂ ਅਤੇ ਸ਼ਰਾਬਾਂ ਵੇਚਣ ਵਾਲੀਆਂ ਸਰਕਾਰਾਂ ਨੇ ਘਰਾਂ ਨੂੰ ਕੰਗਾਲ ਕਰ ਦਿੱਤਾ। ਲੋਕਾਂ ਦੇ ਸਾਹ ਸੱਤ ਮੁੱਕ ਗਏ।  ਸ਼ਰਾਬਾਂ ਨੇ ਉਹਨਾਂ ਦੀ ਸਿਹਤ ਅਤੇ ਖੂਨ ਦਾ ਆਖਿਰੀ ਕਤਰਾ ਤੱਕ  ਨਿਚੋੜ ਲਿਆ। ਜਿਹੜੇ ਨਸ਼ੇ ਆਸਾਨੀ ਨਾਲ ਮਿਲ ਵੀ ਨਹੀਂ ਸਕਦੇ ਉਹਨਾਂ ਦੀ ਰੋਕਥਾਮ ਲਈ ਪੁਲਿਸ ਥਾਣਿਆਂ ਵਿੱਚ ਹਜ਼ਾਰਾਂ ਪਰਚੇ ਦਰਜ ਹੋ ਗਏ ਪਰ ਖੁਲ੍ਹੇ ਆਮ ਵਿਕਣ ਵਾਲੀਆਂ ਸ਼ਰਾਬਾਂ ਹਰ ਸਾਲ ਆਪਣੇ  ਮਾਲਕਾਂ ਅਤੇ ਸਿਆਸੀ ਆਕਾਵਾਂ ਨੂੰ ਖੁਸ਼ਹਾਲੀ ਪਹੁੰਚਾਉਂਦੀਆਂ ਚਲੀਆਂ ਗਈਆਂ। ਸਿਆਸੀ ਲੋਕ ਆਪਣੀਆਂ ਸਿਆਸੀ ਚਾਲਾਂ ਚਲਦੇ ਰਹੇ ਅਤੇ ਸ਼ਰਾਬ ਘਰਾਂ ਨੂੰ ਤਬਾਹ ਕਰਦੀ ਗਈ।ਆਖਿਰ ਹਾਰ ਕੇ ਆਰਕੀਟੈਕਟ  ਅਨੀਤਾ ਸ਼ਰਮਾ ਨੇ ਬੇਲਨ ਨੂੰ ਹਥਿਆਰ ਵੱਜੋਂ ਚੁੱਕਿਆ। ਆਪਣੇ ਕਾਰੋਬਾਰੀ ਕੈਰੀਅਰ ਨੂੰ ਲੱਤ ਮਾਰ ਕੇ ਸੰਘਰਸ਼ ਦੇ ਮੈਦਾਨ ਵਿੱਚ ਸ਼ਰਾਬਾਂ ਦੀ ਤਬਾਹੀ ਫੈਲਾਉਣ ਵਾਲੇ ਲੋਕ ਵਿਰੋਧੀ ਅਨਸਰਾਂ ਦੇ ਖਿਲਾਫ਼ ਮਹਾਂਭਾਰਤ ਦਾ ਬਿਗਲ ਵਜਾਇਆ। ਬਹੁਤ ਸਾਰੀਆਂ ਧਮਕੀਆਂ ਅਤੇ ਬਹੁਤ ਸਾਰੇ ਲਾਲਚ---ਪਰ ਇਹ ਜੰਗ ਨਿਰੰਤਰ ਜਾਰੀ ਰਹੀ। 
ਪਰ ਕੀ ਇਹ ਜੰਗ ਇਕੱਲੀ ਅਨੀਤਾ ਸ਼ਰਮਾ ਦੀ ਹੈ? ਕੀ ਸਮਾਜ ਦਾ ਇਸ ਜੰਗ ਵਿੱਚ ਕੋਈ ਫਰਜ਼ ਨਹੀਂ ਬਣਦਾ ? ਕੀ ਸਮਾਜ ਦਾ ਮਹਿਲਾ ਵਰਗ ਚੁੱਪਚਾਪ ਇਸ ਤਬਾਹੀ ਨੂੰ ਦੇਖਦਾ ਰਹੇਗਾ? ਕੀ ਸਿਆਸੀ ਪਾਰਟੀਆਂ ਦੇ ਮਹਿਲਾ ਵਿੰਗ ਆਪਣੇ ਘਰਾਂ ਦੇ ਧੰਨ ਦੀ ਲੁਟ ਅਤੇ ਪਰਿਵਾਰਾਂ ਦੀ ਸਿਹਤ ਨਾਲ ਹੁੰਦਾ ਖਿਲਵਾੜ ਮੂਕ ਦਰਸ਼ਕ ਬਣ ਕੇ ਦੇਖਦੇ ਰਹਿਣਗੇ? ਇਹ ਇੱਕ ਖਤਰਨਾਕ ਜੰਗ ਹੈ ਜੋ  ਸਾਡੇ ਗਲ ਆ ਪਈ ਹੈ। ਘਰਾਂ ਨੂੰ ਕੰਗਾਲ ਅਤੇ ਇਨਸਾਨਾਂ ਨੂੰ ਖੋਖਲਾ ਕਰ ਰਿਹਾ ਇਹ ਘੁਣ ਮਨੁੱਖਤਾ ਦੇ ਖਿਲਾਫ਼ ਕਿਸੇ ਡੂੰਘੀ ਸਾਜ਼ਿਸ਼ ਦਾ ਨਤੀਜਾ ਹੈ। ਇਸ ਜੰਗ ਨੂੰ ਲੜੇ ਬਿਨਾ ਕੋਈ ਗੁਜ਼ਾਰਾ ਨਹੀਂ। ਹਰ ਮਹਿਲਾ ਝਾਂਸੀ ਦੀ ਰਾਣੀ ਬਣ ਕੇ ਇਸ ਰਣ ਤੱਤੇ ਵਿੱਚ ਨਿੱਤਰੇ ਤਾਂ  ਕਿਤੇ ਸ਼ਾਇਦ ਸਾਡਾ ਸਮਾਜ ਅਤੇ ਸਾਡੇ ਮਕਸਦ ਬਚ ਸਕਣ  ਕੁਝ ਖਤਰੇ ਵਿੱਚ ਹੈ।
ਇਹ ਸਮਾਜ ਸਾਡਾ ਸਾਰਿਆਂ ਦਾ ਹੈ। ਇਸਨੂੰ "ਸ਼ਰਾਬੀਆਂ ਦਾ ਹਾਤਾ " ਨਾ ਬਣਨ ਦਿਓ। ਧਰਮ ਅਤੇ ਸਭਿਆਚਾਰ ਦੀ ਅਮੀਰ ਵਿਰਾਸਤ ਦੀ ਰਾਖੀ ਲਈ ਮੰਦਰਾਂ, ਗੁਰਦਵਾਰਿਆਂ ਅਤੇ ਹੋਰ ਧਾਰਮਿਕ ਸੰਸਥਾਨਾਂ ਦੇ ਸਾਰੇ ਪ੍ਰਬੰਧਕ ਵੀ ਇਸ ਨੇਕ ਕੰਮ ਲਈ ਅੱਗੇ ਆਉਣ। ਸਕੂਲਾਂ ਕਾਲਜਾਂ ਵਿੱਚ ਇਸ ਚੇਤਨਾ ਨੂੰ ਹੋਰ ਵਿਕਸਿਤ ਕਰਨ ਲਈ ਸੈਮੀਨਾਰ ਕੀਤੇ ਜਾਣ। ਤੁਹਾਡੇ ਫੋਨ ਅਤੇ ਸੁਨੇਹੇ ਦੀ ਉਡੀਕ ਬੇਲਨ ਬ੍ਰਿਗੇਡ ਮੁਖੀ ਆਰਕੀਟੈਕਟ ਅਨੀਤਾ ਸ਼ਰਮਾ ਨੂੰ ਵੀ ਰਹੇਗੀ। ਆਓ ਇੱਕ ਚੰਗੇ, ਸਿਹਤਮੰਦ ਅਤੇ ਨੈਤਿਕ ਸਮਾਜ ਦੀ ਉਸਾਰੀ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ। --ਕਾਰਤਿਕਾ ਸਿੰਘ 
ਬੇਲਨ ਬ੍ਰਿਗੇਡ ਨਾਲ ਜੁੜਣ ਲਈ ਆਰਕੀਟੈਕਟ ਅਨੀਤਾ ਸ਼ਰਮਾ ਦਾ ਸੰਪਰਕ ਨੰਬਰ ਹੈ: 94174 23238